ਰਣਜੀਤ ਸਿੰਘ ਮਸੌਣ
ਦਿੱਲੀ/ਅੰਮ੍ਰਿਤਸਰ
ਭਾਰਤ ਸਰਕਾਰ ਦੇ ਰੇਲ ਰਾਜ ਮੰਤਰੀ ਸ੍ਰ. ਰਵਨੀਤ ਸਿੰਘ ਬਿੱਟੂ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਵਿਖੇ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਸਤੀਸ਼ ਕੁਮਾਰ, ਵਾਤਾਵਰਣ ਅਤੇ ਕੇਂਦਰ ਮੰਤਰੀ ਮਨਜਿੰਦਰ ਸਿੰਘ ਸਿਰਸਾ, ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਘੱਟ ਗਿਣਤੀ ਕਮੇਟੀ ਦੇ ਸਾਬਕਾ ਚੇਅਰਮੈਨ ਤ੍ਰਿਲੋਚਨ ਸਿੰਘ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਕਮੇਟੀਆਂ ਦੇ ਮੈਂਬਰ ਮੌਜ਼ੂਦ ਸਨ।
ਜਿਨ੍ਹਾਂ ਵਿੱਚ ਡਾ. ਵਿਜੇ ਸਤਬੀਰ ਸਿੰਘ, ਪ੍ਰਸ਼ਾਸਕ, ਗੁਰਦੁਆਰਾ ਸੱਚਖੰਡ ਬੋਰਡ, ਨਾਂਦੇੜ ਦੇ ਪ੍ਰਤੀਨਿਧੀ ਵੱਜੋਂ ਜਸਵੰਤ ਸਿੰਘ (ਬੌਬੀ) ਸ਼ਾਮਲ ਸਨ। ਸ੍ਰੀ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਸੱਚਖੰਡ ਐਕਸਪ੍ਰੈਸ ਦੀ ਸਫ਼ਾਈ, ਨਵੇਂ ਡੱਬੇ, ਸਮੇਂ ਦੀ ਪਾਬੰਦਤਾ, ਸ੍ਰੀ ਹਜ਼ੂਰ ਸਾਹਿਬ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਅਤੇ ਸ੍ਰੀ ਅੰਮ੍ਰਿਤਸਰ ਤੋਂ ਆ ਰਹੀ ਸੱਚਖੰਡ ਐਕਸਪ੍ਰੈਸ, ਜੋ ਕਿ ਮੌਜ਼ੂਦਾ ਸਮੇਂ ਸ੍ਰੀ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ‘ਤੇ ਆਉਂਦੀ ਹੈ, ਇਸਨੂੰ ਪਲੇਟਫਾਰਮ ਨੰਬਰ 1 ‘ਤੇ ਤਬਦੀਲ ਕਰਨ ਦੀ ਮੰਗ ਕੀਤੀ ਗਈ। ਇਸ ਨਾਲ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਆਪਣੇ ਸਮਾਨ ਦੀ ਆਵਾਜਾਈ ਵਿੱਚ ਮੱਦਦ ਮਿਲੇਗੀ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ, ਸਿੱਖ ਧਰਮ ਦੇ ਇਤਿਹਾਸਕ ਅਤੇ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਸੱਚਖੰਡ ਐਕਸਪ੍ਰੈਸ ਇੱਕ ਅਜਿਹੀ ਰੇਲਗੱਡੀ ਹੈ, ਜਿਸਦੀ ਵਰਤੋਂ ਮੁੱਖ ਤੌਰ ‘ਤੇ ਸ਼ਰਧਾਲੂ ਤਖ਼ਤ ਸਾਹਿਬ ਦੇ ਦਰਸ਼ਨਾਂ ਲਈ ਕਰਦੇ ਹਨ। ਇਸ ਤੋਂ ਇਲਾਵਾ, ਸੱਚਖੰਡ ਐਕਸਪ੍ਰੈਸ ਹਾਲ ਹੀ ਦੇ ਦਿਨਾਂ ਵਿੱਚ ਕਈ ਵਾਰ ਦੇਰੀ ਨਾਲ ਚੱਲ ਰਹੀ ਹੈ, ਜਿਸ ਨਾਲ ਪਹਿਲਾਂ ਹੀ 35-36 ਘੰਟਿਆਂ ਦੇ ਸਫ਼ਰ ਨੂੰ ਪੂਰਾ ਹੋਣ ਲਈ ਹੋਰ ਵੀ ਦੇਰੀ ਹੋ ਰਹੀ ਹੈ। ਇਨ੍ਹਾਂ ਦਿਨਾਂ ਵਿੱਚ ਰੇਲਗੱਡੀ ਦੀ ਸਫ਼ਾਈ ਕਾਫ਼ੀ ਵਿਗੜ ਗਈ ਹੈ। ਡੱਬਿਆਂ ਅਤੇ ਸੀਟਾਂ ਦੀ ਮਾੜੀ ਹਾਲਤ, ਕੋਚੇਸ ਦੇ ਬਾਥਰੂਮਾਂ ਦੀ ਖ਼ਰਾਬ ਹਾਲਤ ਤੇ ਪਾਣੀ ਦੀ ਕਮੀ ਸੰਗਤ ਦੀ ਯਾਤਰਾ ਨੂੰ ਮੁਸ਼ਕਲ ਬਣਾ ਰਹੀ ਹੈ।
ਇਸ ਲਈ ਡਾ. ਵਿਜੇ ਸਤਬੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸੱਚਖੰਡ ਐਕਸਪ੍ਰੈਸ ਦੇ ਡੱਬਿਆਂ ਦੀ ਸਫ਼ਾਈ ਅਤੇ ਨਵੇਂ ਡੱਬੇ ਲਗਾਉਣ ਦੀ ਮੰਗ ਕੀਤੀ।
ਇਸ ਮੀਟਿੰਗ ਵਿੱਚ ਮੌਜ਼ੂਦ ਸਾਰੇ ਪਤਵੰਤਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਿਚਲ ਨਗਰ, ਨਾਂਦੇੜ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਜੋੜਨ ਦੇ ਵਿਚਾਰ ਨੂੰ ਤਰਜ਼ੀਹ ਦਿੱਤੀ। ਮੰਗਾਂ ਵਿੱਚ ਦੇਹਰਾਦੂਨ, ਸਹਾਰਨਪੁਰ, ਕਾਸ਼ੀਪੁਰ ਅਤੇ ਲਖਨਊ ਨੂੰ ਨਾਂਦੇੜ ਨਾਲ ਰੇਲ ਰਾਹੀਂ ਜੋੜਨਾ ਸ਼ਾਮਲ ਸੀ, ਜਿਸ ਮੰਗ ਨੂੰ ਸਾਰੇ ਮੈਂਬਰਾਂ ਨੇ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਨਾਲ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜਾਣ ਦੀ ਯਾਤਰਾ ਵੀ ਸੁਵਿਧਾਜਨਕ ਹੋਵੇਗੀ ਮੀਟਿੰਗ ਵਿੱਚ ਮੌਜ਼ੂਦ ਸਾਰੇ ਪਤਵੰਤਿਆਂ ਨੇ ਭਰੋਸਾ ਦਿੱਤਾ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ।
ਡਾ.ਵਿਜੇ ਸਤਬੀਰ ਸਿੰਘ ਨੇ ਜਸਵੰਤ ਸਿੰਘ (ਬੌਬੀ) ਰਾਹੀ ਮੀਟਿੰਗ ਵਿੱਚ ਮੌਜ਼ੂਦ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਨਾਂਦੇੜ ਤੋਂ ਵੰਦੇ ਭਾਰਤ ਐਕਸਪ੍ਰੈਸ ਸ਼ੁਰੂ ਕਰਨ ਦੀ ਮੰਗ ਨੂੰ ਸਵੀਕਾਰ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ।
Leave a Reply